Thursday, 13 June 2013

ਹੋ ਸਕੇ ਤਾਂ ਵਿਚਾਰ ਕਰਿਓ…

28 ਸਾਲ ਪਹਿਲਾਂ ਸਾਕਾ ਨੀਲਾ ਤਾਰਾ ਤੋਂ ਐਨ ਬਾਅਦ ਦਾ ਇਹ ਦ੍ਰਿਸ਼ ਸਾਡੇ ਇਤਿਹਾਸ ਦਾ ਅਨਿੱਖੜਵਾਂ ਅੰਗ ਹੈ। ਇਹ ਤਸਵੀਰ ਕਿਸੇ ਇਮਾਰਤ ਦੇ ਢਹਿਣ ਦੀ ਕਹਾਣੀ ਨਹੀਂ ਆਖਦੀ ਬਲਕਿ ਸਾਡੇ ਨਾਲ ਹੋਏ ਉਸ ਧੱਕੇ ਦੀ ਕਹਾਣੀ ਆਖਦੀ ਹੈ ਜਿਸ ਨੇ ਨਾ ਕਿ ਇਸ ਪਵਿੱਤਰ ਇਮਾਰਤ ਬਲਕਿ ਸਾਡੇ ਵਿਸ਼ਵਾਸ ਦੀ ਇਮਾਰਤ ਨੂੰ ਵੀ ਤਹਿਸ ਨਹਿਸ ਕਰ ਸੁੱਟਿਆ। ਅੰਤਰੀਵ ਮਨਾਂ ‘ਚ ਝਾਤ ਮਾਰਿਓ ਅਤੇ ਇਸ ਪੀੜ ਦੇ ਕਿਸੇ ਕਿਣਕੇ ਨੂੰ ਸਵਾਲ ਕਰਿਓ। ਖਾੜਕੂ ਵਾਦ ਨੂੰ ਕੁਚਲਨ ਦੇ ਨਾਂ ਤੇ ਕੀਤੇ ਗਏ ਇਸ ਸਰਾਸਰ ਧੱਕੇ ਦੀ ਦੁਨੀਆਂ ਦੇ ਇਤਿਹਾਸ ਸ਼ਾਇਦ ਹੀ ਕੋਈ ਹੋਰ ਮਿਸਾਲ ਲੱਭੇ। ਦਾਰਸ਼ਨਿਕ ਕਿਸਮ ਦੇ ਕਈ ਸਿੱਖ ਵੀਰ (ਤੇ ਉਸੇ ਸੋਚ ਦੇ ਅਲੰਬਰਦਾਰ ਕਈ ਦੇਸੀ ਬਦੇਸ਼ੀ ਪੰਜਾਬੀ ਪੱਤਰਕਾਰ) ਇਸ ਇਤਿਹਾਸਕ ਘਟਨਾ ਨੂੰ ਭੁੱਲਣ ਦੀ ਤਾਕੀਦ ਕਰਦੇ ਨੇ। ਭਾਰਤ ਦੀ ਬਹੁਗਿਣਤੀ ਸੈਂਕੜੇ ਸਾਲ ਪਹਿਲਾਂ ਹੋਏ ਗ਼ਜ਼ਨੀ ਦੇ ਹਮਲੇ ਨਹੀਂ ਭੁੱਲੀ, ਅਜੇ ਕੱਲ੍ਹ ਦੀ ਹੀ ਗੱਲ ਹੈ ਜਦ ੫੦੦ ਸਾਲ ਪੁਰਾਣੀ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਕਿਉਂਕਿ ਕਿਸੇ ਸਮੇਂ ਉੱਥੇ ਰਾਮ ਮੰਦਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਜੇਕਰ ਸੈਂਕੜੇ ਸਾਲਾਂ ਤੋਂ ਗ਼ਜ਼ਨੀ ਯਾਦ ਹੈ, ੫੦੦ ਸਾਲ ਪਹਿਲਾਂ ਢਾਹਿਆ ਗਿਆ ਰਾਮ ਮੰਦਰ ਯਾਦ ਹੈ ਤਾਂ ਸਾਡੀਆਂ ਅੱਖਾਂ ਸਾਹਵੇਂ ਹੋਈ ਇਸ ਅਣਹੋਣੀ ਨੂੰ ਸਿੱਖ ਮਾਨਸਿਕਤਾ ਕਿਵੇਂ ਭੁਲਾ ਸਕੇਗੀ? ਸਾਡੇ ਦਿਲਾਂ ਦੀਆਂ ਬਰੂੰਹਾਂ ਉੱਤੇ ਸੁਲਗਦੇ ਅੱਥਰੂਆਂ ਦਾ ਇਹ ਇਤਿਹਾਸ ਕਦੇ ਨਹੀਂ ਮਿਟੇਗਾ। ਉਮਰ ਦੇ ਆਖ਼ਰੀ ਪਲਾਂ ਨੂੰ ਗਿਣਦਾ ਚਸ਼ਮਦੀਦ ਗਵਾਹ ਲੱਗਭਗ ਇੱਕ ਪੂਰ ਸੰਸਾਰੋਂ ਤੁਰ ਗਿਆ ਹੈ, ੮੪ ਦੇ ਦੁਖਾਂਤ ਨੂੰ ਦੇ ਨੇੜੇ ਹੋ ਕੇ ਹੰਢਾਉਣ ਵਾਲਾ ਸਾਡਾ ਪੂਰ ਹੁਣ ਜ਼ਿੰਦਗੀ ਦੇ ਬਹੁਤੇ ਭਾਰ ਆਪਣੇ ਮੋਢੇ ਰੱਖ ਚੁੱਕਿਆ ਹੈ, ਸਾਡੇ ਅੰਦਰੋਂ ਇਹ ਵੇਦਨਾ, ਇਹ ਪੀੜ ਮੁੱਕਣੀ ਸੁਖਾਲੀ ਗੱਲ ਨਹੀਂ ਹੈ।
ਤੂੰ ਮੈਨੂੰ ਜ਼ਖ਼ਮਾਂ ਨੂੰ ਭੁੱਲਣ ਦੀ ਤਾਕੀਦ ਨਾ ਕਰ
ਹੋ ਸਕੇ ਤਾਂ ਮੇਰੀ ਵੇਦਨਾ ਦੀ ਪਹਿਚਾਣ ਕਰ
ਇਹ ਜੋ ਬਾਹਰੋਂ ਕੂਲ਼ਾ ਜਿਹਾ ਮਾਸ ਦਿਖਦੈ
ਇਹਦੇ ਹੇਠ ਬੈਠੀ ਕਸਕ ਦੀ ਪਹਿਚਾਣ ਕਰ।
ਸਾਡੀ ਬੰਜਰ ਹੋ ਚੁੱਕੀ ਰਾਜਨੀਤਿਕ ਜਮਾਤ ਅਤੇ ਲੀਡਰਸ਼ਿਪ ‘ਚ ਆਸ ਦਾ ਅੰਕੁਰ ਨਾ ਕਦੇ ਫੁੱਟਿਆ ਹੈ ਨਾ ਫੁੱਟੇਗਾ।  ਸਰਕਾਰ ਦੀ ਮਰ ਚੁੱਕੀ ਜ਼ਮੀਰ ਇਸ ਸੱਚ ਨੂੰ ਕਦੇ ਪ੍ਰਵਾਨ ਨਹੀਂ ਕਰੇਗੀ ਕਿ ਭਾਰਤੀ ਸਮਕਾਲੀ ਸਰਕਾਰ ਨੇ ਸਿੱਖਾਂ ਦੇ ਮਰਕਜ਼ ਨੂੰ ਢਾਹ ਕੇ, ਸਦੀਆਂ ਤੋਂ ਸਿੱਖੀ ਹੱਥੋਂ ਹੁੰਦੀ ਮਨੂ ਵਾਦੀ ਸੋਚ ਦੀ ਹਾਰ ਦਾ ਬਦਲਾ ਲਿਆ ਹੈ ਨਹੀਂ ਤਾਂ ਸਿੱਖਾਂ ਦੀ ਆਨ ਅਤੇ ਸ਼ਾਨ ਦੇ ਪ੍ਰਤੀਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੰਜ ਤੋਪਾਂ ਨਾਲ ਉਡਾਉਣ ਦੀ ਕੀ ਲੋੜ ਸੀ?
ਦੂਜਾ ਪੱਖ.. ਪਿਛਲੇ ਕੁੱਝ ਸਮੇਂ ਤੋਂ ਪੰਜਾਬ ਹੀ ਨਹੀਂ ਕੁੱਲ ਦੁਨੀਆਂ ‘ਚ ਬੈਠੇ ਸਿੱਖਾਂ ਦੇ ਜਨ ਜੀਵਨ ਤੇ ਪਾਖੰਡੀ ਬਾਬਿਆਂ , ਜਾਦੂ ਟੂਣੇ ਵਾਲਿਆਂ ਦਾ, ਪੀਰਾਂ ਫਕੀਰਾਂ ਦਾ ਪ੍ਰਤੱਖ ਅਤੇ ਲੁਕਵਾਂ ਹਮਲਾ ਜਾਰੀ ਹੈ। ਇਸ ਸਾਰੇ ਕਾਰਜ ਵਿਚ ਸਾਡੇ ਮਹਿਕਮੇ ਦੇ ਅਨੇਕਾਂ ਬੰਦੇ ਘਿਉ ਖਿਚੜੀ ਨੇ.. ਇਹ ਵੀ ਕਿਸੇ ਤੋਂ ਲੁਕੀ ਹੋਈ ਗੱਲ ਨਹੀਂ ਹੈ।ਅਜਿਹਾ ਕਰ ਕੇ ਸਾਡੇ ਸਿਧਾਂਤਕ ਅਕਾਲ ਤਖਤ ਨੂੰ ਵੀ ਢਾਹਿਆ ਜਾ ਰਿਹਾ ਹੈ।ਇਮਾਰਤਾਂ ਉੱਸਰ ਜਾਂਦੀਆਂ ਨੇ, ਕਈ ਵਾਰ ਪਹਿਲਾਂ ਨਾਲੋਂ ਵੀ ਮਜ਼ਬੂਤ ਅਤੇ ਖ਼ੂਬਸੂਰਤ।ਪਰ ਸਿਧਾਂਤਾਂ ਦੀ ਇਮਾਰਤ ਢਹਿ ਗਈ ਤਾਂ ਸਾਡਾ ਰੱਬ ਹੀ ਰਾਖਾ ਹੈ।ਸਾਨੂੰ ਇਸ ਪਾਸੇ ਦੀਰਘ ਵਿਚਾਰ ਕਰਨੀ ਪਏਗੀ। ਚੁੱਪ ਰਹਿਣ ਦੀ ਬਜਾਏ ਇਸ ਕੂੜ ਪ੍ਰਚਾਰ ਨੂੰ ਰੋਕਣ ਲਈ ਸੁਚੇਤ ਹੰਭਲਾ ਮਾਰਨਾ ਪੈਣਾ ਹੈ।
ਤੀਜਾ ਪੱਖ.. ਆਖਦੇ ਨੇ ਕਿਸੇ ਵੀ ਕੌਮ ਦੇ ਇਤਿਹਾਸਕ ਨਿਸ਼ਾਨ ਉਸ ਦੀ ਚੜ੍ਹਦੀ ਕਲਾ ਦੇ ਨਾ ਸਿਰਫ਼ ਪ੍ਰਤੀਕ ਹੁੰਦੇ ਨੇ ਬਲਕਿ ਆਉਂਦੀਆਂ ਪੀੜ੍ਹੀਆਂ ਦੇ ਚਾਨਣ ਮੁਨਾਰੇ ਵੀ ਹੁੰਦੇ ਨੇ। ਸਾਡੇ ਨੱਕ ਦੇ ਐਨ ਥੱਲੇ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਸਾਡੀਆਂ ਤਕਰੀਬਨ ਸਭ ਹੀ ਇਤਿਹਾਸਕ ਇਮਾਰਤਾਂ ਨੂੰ ਨੇਸਤੋ ਨਾਬੂਦ ਕਰ ਕੇ, ਕਾਰਸੇਵਾ ਦੇ ਨਾਂ ਹੇਠ ਸੰਗਮਰਮਰ ਦੇ ਮਹਿਲ ਉਸਾਰ ਦਿੱਤੇ ਗਏ ਨੇ। ਸਾਨੂੰ ਇਸ ਪਾਸੇ ਵੀ ਧਿਆਨ ਦੇਣਾ ਪਏਗਾ। ਵੈਰੀਆਂ ਦੀਆਂ ਤੋਪਾਂ ਨਾਲ ਢਾਹੀਆਂ ਇਮਾਰਤਾਂ ਅਸੀਂ ਉਸਾਰ ਲਈਆਂ ਨੇ ਪਰ ਇਸ ਪਾਸੇ ਜਦ ਤੱਕ ਸਾਡੀ ਕੌਮ ਦੀ ਨਜ਼ਰ ਜਾਏਗੀ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਤਿਹਾਸਕ ਇਮਾਰਤਾਂ ਸਿਰਫ਼ ਇੱਟਾਂ ਪੱਥਰ ਦੀਆਂ ਨਹੀਂ ਬਣੀਆਂ ਹੁੰਦੀਆਂ, ਇਹ ਤਾਂ ਵੱਡਿਆਂ ਦੇ ਲਹੂੰ ਨਾਲ ਸਿੰਜੀਆਂ, ਸਾਹਾਂ ਨਾਲ ਰਚੀਆਂ ਹੁੰਦੀਆਂ ਨੇ, ਇਸ ਆਸ ਅਤੇ ਸੁਪਨੇ ਨਾਲ ਕਦੇ ਉਨ੍ਹਾਂ ਦੀਆਂ ਪੀੜ੍ਹੀਆਂ, ਇਨ੍ਹਾਂ ਇਮਾਰਤਾਂ ਵਿਚੋਂ ਆਪਣੇ ਵਡੇਰਿਆਂ ਦੀ ਪੈੜਾਂ ਲੱਭ ਲੈਣਗੀਆਂ ਅਤੇ ਭਵਿੱਖ ਦੇ ਰਾਹਾਂ ਦੀਆਂ ਸ਼ਾਹ ਅਸਵਾਰ ਬਣ ਜਾਣਗੀਆਂ।
ਹੋ ਸਕੇ ਤਾਂ ਵਿਚਾਰ ਕਰਿਓ…

No comments:

Post a Comment